ਕੇਂਦਰ ਸਰਕਾਰ ਨੇ ਝੋਨੇ ਦੇ ਭਾਅ ਵਿੱਚ 53 ਰੁਪਏ ਪ੍ਰਤੀ ਕੁਇੰਟਲ ਦਾ ਕੀਤਾ ਨਿਗੁਣਾ ਵਾਧਾ ਕਿਸਾਨਾਂ ਦੇ ਜਖਮਾਂ ਤੇ ਲੂਣ ਛਿੜਕਣ ਦੇ ਬਰਾਬਰ : ਨਰਿੰਦਰ ਸਿੰਘ ਲੇਹਲਾਂ
- ਪੰਜਾਬ ਸਰਕਾਰ ਝੋਨੇ ਦੇ ਸੀਜਨ ਦੌਰਾਨ ਲਵਾਈ ਲਈ ਲੇਬਰ ਦਾ ਪ੍ਰਬੰਧ ਕਰੇ : ਗੁਰਚਰਨ ਸਿੰਘ ਪਰੌੜ
ਦੇਵੀਗੜ੍ਹ,
5 ਜੂਨ (ਪ.ਪ.) :
ਅੱਜ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਇੱਕ ਅਹਿਮ
ਮੀਟਿੰਗ ਅਨਾਜ ਮੰਡੀ ਦੁੱਧਨਸਾਧਾਂ ਵਿਖੇ ਬਲਾਕ ਪ੍ਰਧਾਨ ਗੁਰਚਰਨ ਸਿੰਘ ਪਰੋੜ ਦੀ
ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਲੇਹਲਾਂ ਨੇ ਵਿਸ਼ੇਸ਼ ਤੌਰ
ਤੇ ਹਾਜ਼ਰੀ ਲਵਾਈ। ਇਸ ਮੌਕੇ ਇੱਕਤਰ ਹੋਏ ਕਿਸਾਨ ਆਗੂਆਂ ਨੂੰ ਸੰਬੋਧਨ ਕਰਦੇ ਹੋਏ ਨਰਿੰਦਰ
ਸਿੰਘ ਲੇਹਲਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਝੋਨੇ ਦੇ ਭਾਅ ਵਿੱਚ ਜੋ 53 ਰੁਪਏ ਪ੍ਰਤੀ
ਕੁਇੰਟਲ ਦਾ ਨਿਗੁਣਾ ਵਾਧਾ ਕੀਤਾ ਹੈ ਉਹ ਕਿਸਾਨਾਂ ਦੇ ਜਖਮਾਂ ਤੇ ਲੂਣ ਛਿੜਕਣ ਦੇ ਬਰਾਬਰ
ਹੈ ਕਿਉਂਕਿ ਕਿਸਾਨ ਪਹਿਲਾਂ ਹੀ ਸਰਕਾਰੀ ਨੀਤੀਆਂ ਕਰਕੇ ਆਤਮ ਹੱਤਿਆ ਦੇ ਰਾਹ ਪਿਆ ਹੋਇਆ
ਹੈ। ਕੇਂਦਰ ਨੇ ਇਹ ਨਿਗੁਣਾ ਭਾਅ ਮਿੱਥ ਕੇ ਕਿਸਾਨੀ ਨੂੰ ਹੋਰ ਡੂੰਗੀ ਸੱਟ ਮਾਰੀ ਹੈ।
ਕਿਸਾਨ ਯੂਨੀਅਨ ਇਸ ਭਾਅ ਨੂੰ ਰੱਦ ਕਰਦੀ ਹੋਈ ਮੰਗ ਕਰਦੀ ਹੈ ਕਿ ਕਿਸਾਨ ਦੇ ਵਧੇ ਹੋਏ
ਖਰਚੇ ਗਿਣ ਕੇ ਦੁਬਾਰਾ ਭਾਅ ਮਿਥਿਆ ਜਾਵੇ।
ਇਸ ਮੌਕੇ ਸੰਬੋਧਨ ਕਰਦੇ ਹੋਏ ਬਲਾਕ
ਪ੍ਰਧਾਨ ਗੁਰਚਰਨ ਸਿੰਘ ਪਰੋੜ ਨੇ ਕਿਹਾ ਕਿ ਆ ਰਹੇ ਝੋਨੇ ਦੇ ਸੀਜਨ ਦੌਰਾਨ ਝੋਨੇ ਦੀ ਲਵਾਈ
ਵਿੱਚ ਬੀਜਾਂ ਤੇ ਕਿਸਾਨਾਂ ਦੀ ਵੱਡੀ ਹੋ ਰਹੀ ਲੁੱਟ ਨੂੰ ਰੋਕਣ ਲਈ ਸਰਕਾਰ ਨੂੰ ਇਸ
ਸਬੰਧੀ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਝੋਨੇ ਦੀ ਲਵਾਈ ਵਿੱਚ ਲੇਬਰ ਦੀ ਸਮੱਸਿਆ
ਨੂੰ ਦੇਖਦੇ ਹੋਏ ਲੇਬਰ ਦਾ ਪ੍ਰਬੰਧ ਕਰਨ ਲਈ ਉੱਚੇਚੇ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ
ਤਾਂ ਕਿ ਕਿਸਾਨ ਆਰਥਿਕ ਲੁੱਟ ਦਾ ਸ਼ਿਕਾਰ ਨਾ ਹੋਣ। ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ
ਭੁਪਿੰਦਰ ਸਿੰਘ ਦੁਧਨਸਾਧਾਂ ਨੇ ਕਿਹਾ ਕਿ ਸਰਕਾਰ 10 ਜੂਨ ਤੋਂ ਝੋਨੇ ਦੀ ਲਵਾਈ ਨੂੰ
ਦੇਖਦਿਆਂ ਬਿਜਲੀ ਦੀਆਂ ਲਾਈਨਾਂ ਦੀ ਰਿਪੇਅਰ ਜਲਦੀ ਕਰਵਾਏ ਅਤੇ ਬਿਜਲੀ ਦੀ ਸਪਲਾਈ 10
ਘੰਟੇ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਨਹਿਰੀ ਮਹਿਕਮਾਂ ਨਹਿਰਾਂ ਦੀ ਸਫਾਈ ਤੁਰੰਤ
ਨਿਬੇੜ ਕੇ ਨਹਿਰਾਂ ਵਿੱਚ ਪਾਣੀ ਛੱਡਿਆ ਜਾਵੇ ਤਾਂ ਕਿ ਕਿਸਾਨ ਆਪਣੇ ਝੋਨੇ ਦੀ ਫਸਲ ਨੂੰ
ਚੰਗੇ ਢੰਗ ਨਾਲ ਪਾਲ ਸਕਣ। ਇਸ ਮੌਕੇ ਹਰਪਾਲ ਸਿੰਘ ਰੱਤਾਖੇੜਾ, ਕਰਮਜੀਤ ਸਿੰਘ ਜਲਾਲਾਬਾਦ,
ਹਰਦੇਵ ਸਿੰਘ, ਕਸ਼ਮੀਰ ਸਿੰਘ, ਗੁਰਭੇਜ ਸਿੰਘ ਭਸਮੜਾ, ਤੇਜਿੰਦਰ ਸਿੰਘ ਭਾਂਖਰ, ਬਲਜੀਤ
ਸਿੰਘ ਦੁੱਧਨ, ਸੁਰਜੀਤ ਸਿੰਘ ਗਿੱਲ, ਇਕਬਾਲ ਸਿੰਘ ਜਲਾਲਾਬਾਦ ਆਦਿ ਵੀ ਹਾਜ਼ਰ ਸਨ।ਫੋਟੋ ਨੰ: 5 ਪੀਏਟੀ 2
0 Comments