ਅੰਤਰ ਰਾਸ਼ਟਰੀ ਮਨੋਵਿਗਿਆਨ ਦਿਵਸ ਮੌਕੇ ਕਰੋਨਾ ਵਾਇਰਸ ਦੇ ਵਿਸ਼ੇਸ਼ ਪ੍ਰਸੰਗ ਵਿਚ ਇਕ ਵੈਬੀਨਾਰ
ਪਟਿਆਲਾ,
28 ਮਈ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡੀਨ ਵਿਦਿਆਰਥੀ
ਭਲਾਈ ਦਫਤਰ ਵੱਲੋਂ ਅੰਤਰ ਰਾਸ਼ਟਰੀ ਮਨੋਵਿਗਿਆਨ ਦਿਵਸ ਮੌਕੇ ਕਰੋਨਾ ਵਾਇਰਸ ਦੇ ਵਿਸ਼ੇਸ਼
ਪ੍ਰਸੰਗ ਵਿਚ ਮਾਨਸਿਕ ਸਿਹਤ ਦੇ ਮਾਮਲਿਆਂ ਤੇ ਵਿਚਾਰ ਕਰਨ ਲਈ ਇਕ ਵੈਬੀਨਾਰ ਕਰਵਾਇਆ ਗਿਆ
ਜਿਸ ਵਿਚ 350 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਵੈਬੀਨਾਰ ਦੀ ਪ੍ਰਧਾਨਗੀ ਕਰਦਿਆਂ
ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਕਿਹਾ ਕਿ ਮਾਨਸਿਕ ਸਿਹਤ ਸੰਬੰਧੀ ਮਾਮਲਿਆਂ ਨੂੰ
ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ। ਹੁਣ ਇਸ ਦੌਰ ਵਿਚ ਇਸ ਵਿਸ਼ੇ ਤੇ ਵਧੇਰੇ ਵਿਚਾਰ
ਚਰਚਾ ਕਰਨ ਦੀ ਲੋੜ ਹੈ। ਵਿਦਿਆਰਥੀਆਂ, ਅਧਿਆਪਕਾਂ ਅਤੇ ਸਮਾਜ ਦੇ ਹਰ ਵਰਗ ਨੂੰ ਇਸ ਦੌਰ
ਵਿਚ ਮਾਨਸਿਕ ਪਰੇਸ਼ਾਨੀਆਂ ਅਤੇ ਦਬਾਵਾਂ ਨੂੰ ਝੱਲਣਾ ਪੈ ਰਿਹਾ ਹੈ ਜਿਸ ਲਈ ਪ੍ਰੋਫੈਸ਼ਨਲ
ਅਗਵਾਈ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਵੈਬੀਨਾਰ ਦੇ ਜਰੀਏ ਬਹੁਤ ਸਾਰੇ ਢੁਕਵੇਂ
ਸੁਝਾਅ ਸਾਹਮਣੇ ਆਉਣਗੇ। ਅਜਿਹੇ ਸੁਝਾਅ ਹੀ ਜਨਤਕ ਖੇਤਰ ਦੀਆਂ ਨੀਤੀਆਂ ਦੇ ਨਿਰਮਾਣ ਵਿਚ
ਕੰਮ ਆਉਂਦੇ ਹਨ।
ਵੈਬੀਨਾਰ ਦੇ ਕਨਵੀਨਰਾਂ ਵਿਚ ਸ਼ਾਮਿਲ ਡੀਨ ਵਿਦਿਆਰਥੀ ਭਲਾਈ ਡਾ.
ਤਾਰਾ ਸਿੰਘ ਅਤੇ ਵਧੀਕ ਡੀਨ ਵਿਦਿਆਰਥੀ ਭਲਾਈ ਡਾ. ਪਰਮਜੀਤ ਕੌਰ ਗਿੱਲ ਵੱਲੋਂ ਵੀ ਵਿਸ਼ੇ
ਸੰਬੰਧੀ ਅਹਿਮ ਵਿਚਾਰ ਪ੍ਰਗਟਾਏ ਗਏ। ਵੈਬੀਨਾਰ ਦੇ ਵਿਸ਼ੇ ਨਾਲ ਜਾਣ ਪਛਾਣ ਕਰਵਾਉਂਦਿਆਂ
ਕੋਆਰਡੀਨੇਟਰ ਡਾ. ਰੂਬੀ ਗੁਪਤਾ (ਕਾਊਂਸਲਰ, ਪੰਜਾਬੀ ਯੂਨੀਵਰਸਿਟੀ) ਨੇ ਕਿਹਾ ਕਿ ਵਖ-ਵਖ
ਮਾਨਸਿਕ ਸਮੱਸਿਆਵਾਂ ਨੂੰ ਸਮਝਦਾਰੀ ਨਾਲ ਹੱਲ ਕੀਤਾ ਜਾ ਸਕਦਾ ਹੈ। ਵੈਬੀਨਾਰ ਦੌਰਾਨ ਬੋਲਣ ਵਾਲੇ ਬੁਲਾਰਿਆਂ ਵਿਚ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਪ੍ਰੋਫ਼ੈਸਰ ਆਫ਼ ਐਮੀਨੈਂਸ ਡਾ. ਵੰਦਨਾ ਸ਼ਰਮਾ, ਪੰਜਾਬੀ ਯੂਨੀਵਰਸਿਟੀ ਤੋਂ ਮਨੋਵਿਗਿਆਨ ਵਿਭਾਗ ਦੇ ਮੁਖੀ ਡਾ. ਹਰਪ੍ਰੀਤ ਕੌਰ, ਡਾ. ਮਮਤਾ ਸ਼ਰਮਾ, ਡਾ.ਨਲਿਨੀ ਮਲਹੋਤਰਾ ਅਤੇ ਡਾ. ਵਿਧੂ ਮੋਹਨ ਸ਼ਾਮਿਲ ਸਨ। ਇਨ੍ਹਾਂ ਸਭ ਬੁਲਾਰਿਆਂ ਵੱਲੋਂ ਜੋ ਮੁੱਖ ਨੁਕਤੇ ਉਭਾਰੇ ਗਏ ਉਹ ਇਹ ਸਨ ਕਿ ਇਸ ਦੌਰ ਵਿਚ ਤਕਰੀਬਨ ਹਰ ਵਿਅਕਤੀ ਹੀ ਕਿਸੇ ਨਾ ਕਿਸੇ ਰੂਪ ਵਿਚ ਮਾਨਸਿਕ ਸਿਹਤ ਦੀਆਂ ਸਮੱਸਿਆਵਾਂ ਵਿਚ ਗੁਜ਼ਰਿਆ ਹੈ। ਜਿੱਥੇ ਇਕ ਪਾਸੇ ਇਸ ਲਾਗ ਬਿਮਾਰੀ ਦਾ ਬਹੁਤ ਵੱਡਾ ਡਰ ਸੀ ਉੱਥੇ ਦੂਸਰੇ ਪਾਸੇ ਲੌਕ ਡਾਊਨ ਕਾਰਨ ਲੋਕ ਇਕ ਦੂਸਰੇ ਦੇ ਸਿੱਧੇ ਸਮਾਜਿਕ ਸੰਪਰਕ ਵਿਚ ਨਹੀਂ ਰਹੇ ਸਨ। ਇਸ ਲਈ ਅਜਿਹੀਆਂ ਸਮੱਸਿਆਵਾਂ ਵਿਚ ਵਾਧਾ ਵੇਖਣ ਨੂੰ ਮਿਲਿਆ। ਇਨ੍ਹਾਂ ਮਾਹਿਰਾਂ ਨੇ ਸੁਝਾਇਆ ਕਿ ਅਜਿਹੇ ਹਾਲਾਤ ਵਿਚ ਵਿਹਲੇ ਰਹਿਣ ਦੀ ਬਜਾਇ ਸਿਰਜਣਾਤਮਕ ਕੰਮਾਂ ਵਿਚ ਆਪਣੇ ਆਪ ਨੂੰ ਰੁੱਝੇ ਰੱਖਣ ਨਾਲ ਬਹੁਤ ਰਾਹਤ ਮਿਲਦੀ ਹੈ। ਆਪਣੇ ਕੰਮਾਂ ਸੰਬੰਧੀ ਢੁਕਵੀਂ ਵਿਉਂਤਬੰਦੀ ਕਰ ਕੇ ਅਜਿਹੀਆਂ ਪਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ। ਨਿਰੰਤਰ ਕਸਰਤ, ਯੋਗਾ, ਢੁਕਵਾਂ ਸੰਗੀਤ ਸੁਣਨਾ ਆਦਿ ਵੀ ਇਸ ਪੱਖੋਂ ਮਦਦਗਾਰ ਹੈ। ਇਹ ਵੀ ਸੁਝਾਇਆ ਗਿਆ ਕਿ ਵਾਰ ਵਾਰ ਕਰੋਨਾ ਸੰਬੰਧੀ ਖਬਰਾਂ ਸੁਣਨ ਤੋਂ ਵੀ ਪਰਹੇਜ ਕਰਨਾ ਚਾਹੀਦਾ ਹੈ। ਬਿਮਾਰੀ ਬਾਰੇ ਬਹੁਤਾ ਬੇਲੋੜਾ ਸੋਚਣ ਤੋਂ ਸੰਕੋਚ ਕਰਨਾ ਚਾਹੀਦਾ ਹੈ।
0 Comments