ਕਾਂਗਰਸ ਸਰਕਾਰ ਨੇ ਹਲਕਾ ਘਨੌਰ ਦੇ ਵਿਕਾਸ ਲਈ 500 ਕਰੋੜ ਰੁਪਏ ਖਰਚੇ : ਜਲਾਲਪੁਰ
ਘਨੌਰ, 27 ਮਈ (ਸੁਖਦੇਵ ਸੁੱਖੀ)
ਹਲਕਾ
ਘਨੌਰ ਦੇ ਵਿਧਾਇਕ ਸ੍ਰੀ. ਮਦਨ ਲਾਲ ਜਲਾਲਪੁਰ ਨੇ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਨੇ
ਕਾਗਜ਼ਾਂ ਵਿਚ ਨਹੀਂ ਸਗੋਂ ਜ਼ਮੀਨੀ ਪੱਧਰ ਉੱਤੇ ਵਿਕਾਸ ਕਰਕੇ ਦਿਖਾਇਆ ਹੈ ਅਤੇ ਘਨੌਰ ਹਲਕੇ
ਅੰਦਰ 504 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਜਲਾਲਪੁਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ
ਕਿ ਪਿੰਡ ਮੰਢੋਲੀ ਵਿਖੇ 360 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਪਾਣੀ ਦੇ
ਪ੍ਰੋਜੈਕਟ ਦਾ ਨੀਂਹ ਪੱਥਰ ਮਹਾਰਾਜਾ ਅਮਰਿੰਦਰ ਸਿੰਘ ਨੇ ਮਿਤੀ 21 ਜਨਵਰੀ 2020 ਨੂੰ
ਰੱਖਿਆ ਸੀ ਜਿਸ ਦਾ ਕੰਮ ਜੂਨ ਮਹੀਨੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਕਰੀਬ ਡੇਢ ਸਾਲ
ਵਿੱਚ ਇਹ ਪ੍ਰੋਜੈਕਟ ਤਿਆਰ ਹੋ ਜਾਵੇਗਾ ਘਨੌਰ ਦੇ ਸਾਰੇ ਪਿੰਡਾਂ ਨੂੰ ਇਸ ਪਾਣੀ ਦੀ ਸਪਲਾਈ
ਦਿੱਤੀ ਜਾਵੇਗੀ।ਵਿਧਾਇਕ ਨੇ ਦਾਅਵਾ ਕੀਤਾ ਕਿ ਸਿਹਤ,ਸਿੱਖਿਆ ਅਤੇ ਵਿਕਾਸ ਦੇ ਮੁੱਦੇ ਨੂੰ
ਲੈ ਕੇ ਉਨ੍ਹਾਂ ਨੇ ਲੋਕਾਂ ਤੋਂ ਵੋਟਾਂ ਮੰਗੀਆਂ ਸਨ ਜਿਸ ਸੰਬੰਧ ਵਿਚ ਘਨੌਰ ਨੂੰ ਨਵਾਂ
ਸਿਵਲ ਹਸਪਤਾਲ ਮਨਜ਼ੂਰ ਹੋ ਗਿਆ ਹੈ, ਸਬ ਤਹਿਸੀਲ ਦੀ ਨਵੀਂ ਇਮਾਰਤ ਬਣ ਗਈ ਹੈ,
ਯੂਨੀਵਰਸਿਟੀ ਕਾਲਜ ਲਈ 36 ਲੱਖ ਦੀ ਗ੍ਰਾਂਟ ਅਤੇ ਘਨੌਰ ਵਿਚ ਲੜਕੀਆਂ ਦੀ ਸਿੱਖਿਆ ਲਈ
ਬਾਰ੍ਹਵੀਂ ਤੱਕ ਦਾ ਸਕੂਲ, ਹਲਕੇ ਦੀਆਂ 42 ਕਰੋੜ ਦੀ ਲਾਗਤ ਨਾਲ ਇਕ 195 ਕਿਲੋਮੀਟਰ
ਸੜਕਾਂ ਰਿਪੇਅਰ ਅਤੇ 18 ਫੁੱਟ ਚੌੜੀਆਂ ਹੋ ਰਹੀਆਂ ਹਨ ਅਤੇ ਕਸਬੇ ਅੰਦਰ 2 ਕਰੋੜ ਬਿਜਲੀ
ਦੀਆਂ ਤਾਰਾਂ ਪਾਉਣ ਲਈ, 2.5 ਕਰੋੜ ਫਿਰਨੀ ਲਈ, 40 ਲੱਖ ਰੁਪਏ ਹਸਪਤਾਲ ਦੀ ਸੜਕ ਅਤੇ 4
ਕਰੋੜ 90 ਲੱਖ ਕਸਬੇ ਦੇ ਸੁੰਦਰੀਕਰਨ ਤੇ ਬਾਜ਼ਾਰਾਂ ਨੂੰ ਚੌੜਾ ਕਰਨ ਵਿਚ ਖਰਚ ਕੀਤੇ ਗਏ
ਹਨ। ਉਨ੍ਹਾਂ ਦਾਅਵਾ ਕੀਤਾ ਕਿ ਘਨੌਰ ਤੋਂ ਬਾਹਰ ਜਾਣ ਦੀ ਥਾਂ ਨੇੜਲੇ ਪਿੰਡਾਂ ਅਤੇ
ਸ਼ਹਿਰਾਂ ਤੋਂ ਕਸਬੇ ਵਿਚ ਵਪਾਰ ਤੇ ਪੱਕੀ ਰਿਹਾਇਸ਼ ਲਈ ਆਉਣਗੇ ਅਤੇ ਵੱਡੇ ਉਦਯੋਗਾਂ ਦੀ
ਸਥਾਪਤੀ ਨਾਲ ਹਲਕੇ ਵਿਚ ਰੋਜ਼ਗਾਰ ਦੇ ਮੌਕੇ ਵਧਣਗੇ।
0 Comments