ਸ਼ਰਾਬ ਮਾਫੀਆ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੀ ਪ੍ਰੈੱਸ ਕਾਨਫਰੰਸ 

- ਸ਼੍ਰੋਮਣੀ ਅਕਾਲੀ ਦਲ ਵੱਡੀਆਂ ਕੁਰਬਾਨੀਆਂ ਵਾਲੀ ਪਾਰਟੀ ਨਹੀਂ ਦਿੰਦੀ ਮਾੜੇ ਅਨਸ਼ਰਾਂ ਦਾ ਸਾਥ: ਰੱਖੜਾ

-- ਅਕਾਲੀ ਦਲ ਨੂੰ ਬਦਨਾਮ ਕਰਨ ਦੀ ਥਾਂ ਸਰਕਾਰ ਕਰੇ ਸ਼ਰਾਬ ਮਾਫੀਆ 'ਤੇ ਕਾਰਵਾਈ: ਬੀਬੀ ਮੁਖਮੈਲਪੁਰ 

-ਰੱਖੜਾ, ਮੁਖਮੈਲਪੁਰ, ਟੌਹੜਾ, ਜਨੇਜਾ ਤੇ ਖੱਟੜਾ ਵੱਲੋਂ ਸਾਂਝੀ ਕਾਨਫ਼ਰੰਸ ਕਰ ਕਾਂਗਰਸ ਨੂੰ ਲਾਏ ਤਗੜੇ ਰਗੜੇ 

 

ਘਨੌਰ, 21 ਮਈ (ਸੁਖਦੇਵ ਸੁੱਖੀ ) ਨਾਜਾਇਜ਼ ਤੌਰ 'ਤੇ ਸ਼ਰਾਬ ਬਣਾ ਕੇ ਵੱਖ ਵੱਖ ਬ੍ਰਾਂਡਾਂ ਦੇ ਨਾਂਅ 'ਤੇ ਵੇਚਣ ਦੇ ਕਾਲੇ ਕਾਰੋਬਾਰ ਦਾ ਭਾਂਡਾ ਫੋੜ ਹੋਣ ਪਿੱਛੋਂ ਪਿੰਡ ਪਬਰੀ ਦੇ ਖੇਤਾਂ ਵਿੱਚੋਂ ਬਰਾਮਦ ਹੋਏ ਅਲਕੋਹਲ ਦੇ ਡਰੰਮਾਂ ਦੇ ਮਾਮਲੇ ਵਿੱਚ ਫੜੇ ਗਏ ਕਥਿਤ ਦੋਸ਼ੀ ਦਾ ਸ਼੍ਰੋਮਣੀ ਅਕਾਲੀ ਦਲ ਭਾਜਪਾ ਨਾਲ ਸਬੰਧ ਹੋਣ ਦਾ ਮਾਮਲਾ ਚਰਚਾ ਵਿਚ ਆਉਣ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸਾਬਕਾ ਵਿਧਾਇਕਾ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਦੀ ਅਗਵਾਈ ਹੇਠ ਪ੍ਰੈੱਸ ਕਾਨਫਰੰਸ ਕਰ ਸ਼ਰਾਬ ਮਾਫੀਏ ਨੂੰ ਨੱਥ ਪਾਉਣ ਵਿੱਚ ਢਿੱਲੀ ਕਾਰਗੁਜ਼ਾਰੀ ਲਈ ਪੰਜਾਬ ਕਾਂਗਰਸ ਸਰਕਾਰ ਨੂੰ ਰਗੜੇ ਲਗਾਏ। ਇਸ ਕਾਨਫਰੰਸ ਵਿੱਚ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ, ਸਾਬਕਾ ਮੰਤਰੀ ਅਜੈਬ ਸਿੰਘ ਮੁਖਮੈਲਪੁਰ, ਸਾਬਕਾ ਚੇਅਰਮੈਨ ਹਰਿੰਦਰਪਾਲ ਸਿੰਘ ਟੌਹੜਾ, ਪ੍ਰਧਾਨ ਸ਼ਹਿਰੀ ਹਰਪਾਲ ਜਨੇਜਾ, ਕਬੀਰ ਦਾਸ ਤੇ ਕੋਰ ਕਮੇਟੀ ਮੈਂਬਰ ਹੈਰੀ ਮੁਖਮੈਲਪੁਰ  ਵੱਲੋਂ ਸੂਲੀ ਦਰਜ ਕਰ ਸਾਂਝੇ ਤੌਰ 'ਤੇ ਸ਼ਰਾਬ ਦੀ ਕਾਲਾ ਬਾਜ਼ਾਰੀ ਨਾਲ ਸਰਕਾਰੀ ਖਜ਼ਾਨੇ ਨੂੰ ਲੱਗ ਰਹੇ ਚੂਨੇ ਖਿਲਾਫ ਕਾਂਗਰਸ ਸਰਕਾਰ ਨੂੰ ਘੇਰਿਆ ਅਤੇ ਕਥਿਤ ਤੌਰ ਤੇ ਮਿਲੀਭੁਗਤ ਹੋਣ ਦੇ ਦੋਸ਼ ਮੜਦੇ ਹੋਏ ਸਥਾਨਕ ਵਿਧਾਇਕ ਤੇ ਤਿੱਖੇ ਨਿਸ਼ਾਨੇ ਸਿੱਧੇ। ਜ਼ਿਲ੍ਹਾ ਅਕਾਲੀ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕੁਰਬਾਨੀਆਂ ਦੀ ਪਾਰਟੀ ਦਸਦਿਆਂ ਕਿਹਾ ਕਿ ਮਾੜੇ ਅਨਸਰਾਂ ਤੇ ਸਮਾਜ ਵਿਰੋਧੀ ਗਤੀਵਿਧੀਆਂ ਨਾਲ ਸਬੰਧਤ ਕਿਸੇ ਵੀ ਵਿਅਕਤੀ ਵਿਸ਼ੇਸ਼ ਨਾਲ ਸ਼੍ਰੋਮਣੀ ਅਕਾਲੀ ਦਲ ਵਾਹ ਵਾਸਤਾ ਨਹੀਂ ਰੱਖਦੇ ਉਨ੍ਹਾਂ ਨੇ ਸ਼ਰਾਬ ਮਾਮਲੇ ਚ ਪਿੰਡ ਪਬਰੀ ਦੇ ਵਾਸੀ ਨਾਲ ਸਬੰਧਾਂ ਤੋਂ ਸਿੱਧਾ ਇੰਨਕਾਰ ਕੀਤਾ। ਰੱਖੜਾ ਨੇ ਕਾਂਗਰਸ ਸਰਕਾਰ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਉਕਤ ਮਾਮਲੇ ਵਿੱਚ ਲਾਪਰਵਾਹੀ ਵਰਤਣ ਤੇ ਜ਼ਿੰਮੇਵਾਰ ਠਹਿਰਾਇਆ ਅਤੇ ਮੌਜੂਦਾ ਸਥਿਤੀ ਲਈ ਜ਼ਿੰਮੇਵਾਰ ਦੱਸਿਆ। ਸਾਬਕਾ ਵਿਧਾਇਕਾ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਨੇ ਤਿੱਖੇ ਸ਼ਬਦਾਂ ਨਾਲ ਮੌਜੂਦਾ ਵਿਧਾਇਕ ਕਾਂਗਰਸ ਮਦਨ ਲਾਲ ਜਲਾਲਪੁਰ ਤੇ ਵਰਦਿਆਂ ਗੰਢਿਆਂ ਖੇੜੀ ਵਿਖੇ ਫੜੇ ਗਏ ਸ਼ਰਾਬ ਫੈਕਟਰੀ ਦੇ ਮਾਲਕਾਂ ਤੇ ਕਾਰਵਾਈ ਨਾ ਕਰਨ ਅਤੇ ਜਾਣ ਬੁੱਝ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੇ ਕਥਿਤ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਕਾਂਗਰਸ ਆਪਣੇ ਬੰਦਿਆਂ ਨੂੰ ਬਚਾ ਰਹੀ ਹੈ ਤੇ ਇਸ ਵਿੱਚ ਮਿਲੀ ਭੁਗਤ ਦੀ ਸੁਗੰਧ ਆ ਰਹੀ ਹੈ। ਜਿਸ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਹਰ ਸੰਭਵ ਯਤਨ ਕੀਤੇ ਜਾਣਗੇ।