ਡਿਪਟੀ ਕਮਿਸ਼ਨਰ ਵੱਲੋਂ ਰਾਧਾ ਸੁਆਮੀ ਡੇਰੇ 'ਚ ਲੰਗਰ ਤਿਆਰ ਕੀਤੇ ਜਾਣ ਦੀ ਪ੍ਰਕ੍ਰਿਆ ਦਾ ਜਾਇਜ਼ਾ
- ਸੰਕਟ ਦੀ ਘੜੀ 'ਚ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵੱਲੋਂ ਦਿੱਤੇ ਸਾਥ ਲਈ ਜ਼ਿਲ੍ਹਾ ਪ੍ਰਸ਼ਾਸਨ ਸਦਾ ਰਿਣੀ ਰਹੇਗਾ-ਕੁਮਾਰ ਅਮਿਤ
ਪਟਿਆਲਾ, 12 ਮਈ (ਪ.ਪ ) : ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਰਾਧਾ ਸੁਆਮੀ ਸੰਸਥਾ ਵੱਲੋਂ ਲੰਗਰ ਤਿਆਰ ਕਰਕੇ ਪਟਿਆਲਾ ਦੇ ਲੋੜਵੰਦਾਂ ਨੂੰ ਪਹੁੰਚਾਏ ਜਾਣ ਦੀ ਸਮੁੱਚੀ ਪ੍ਰਕ੍ਰਿਆ ਦਾ ਜਾਇਜ਼ਾ ਲੈਣ ਲਈ ਅੱਜ ਇੱਥੇ ਅਰਬਨ ਅਸਟੇਟ ਸਥਿਤ ਰਾਧਾ ਸੁਆਮੀ ਸਤਸੰਗ ਘਰ ਦਾ ਦੌਰਾ ਕੀਤਾ। ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ, ਆਬਕਾਰੀ ਤੇ ਕਰ ਵਿਭਾਗ ਦੇ ਏ.ਈ.ਟੀ.ਸੀ. ਸ੍ਰੀ ਸ਼ੌਕਤ ਅਹਿਮਦ ਪਰੈ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਇਸ ਮੌਕੇ ਸੇਵਾਦਾਰਾਂ ਵੱਲੋਂ ਪੂਰੀ ਸਵੱਛਤਾ, ਕੋਵਿਡ-19 ਪ੍ਰੋਟੋਕਾਲ ਦਾ ਪਾਲਣ ਕਰਕੇ ਤੇ ਇਹਤਿਆਤ ਵਰਤਦਿਆਂ ਸਮਾਜਿਕ ਦੂਰੀ ਬਣਾ ਕੇ ਲੰਗਰ ਤਿਆਰ ਕਰਕੇ ਪੈਕੇਟਾਂ ਵਿੱਚ ਬੰਦ ਕਰਨ ਦੀ ਪ੍ਰਕ੍ਰਿਆ ਦਾ ਜਾਇਜ਼ਾ ਲੈਂਦਿਆਂ ਡੇਰੇ ਦੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਦੀ ਸੇਵਾ ਭਾਵਨਾਂ ਦੀ ਸ਼ਲਾਘਾ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਸੰਸਥਾਵਾਂ ਦਾ ਸਦਾ ਰਿਣੀ ਰਹੇਗਾ।
ਇਸ ਮੌਕੇ ਰਾਧਾ ਸੁਆਮੀ ਸਤਸੰਗ ਘਰ ਦੇ ਏਰੀਆ ਸਕੱਤਰ ਡਾ. ਕੇ.ਡੀ. ਸਿੰਘ ਨੇ ਦੱਸਿਆ ਕਿ 27 ਮਾਰਚ ਨੂੰ ਲੰਗਰ ਤਿਆਰ ਕਰਨ ਦਾ ਕੰਮ ਸ਼ੁਰੂ ਕਰਕੇ ਹੁਣ ਤੱਕ ਕੋਈ 7 ਲੱਖ 76 ਹਜ਼ਾਰ ਪੈਕੇਟ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਪੁਰਦ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਰਜਿੰਦਰਾ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਮਰੀਜਾਂ ਨੂੰ ਤਿੰਨੇ ਸਮੇਂ ਖਾਣਾ ਤੇ ਦੁੱਧ ਪਹੁੰਚਾਉਣ ਸਮੇਤ ਚਾਹ ਤੇ ਕੌਫੀ ਪ੍ਰਦਾਨ ਕਰਨ ਲਈ ਮਸ਼ੀਨ ਵੀ ਲਗਾਈ ਗਈ ਹੈ।
ਡਾ. ਕੇ.ਡੀ. ਸਿੰਘ ਨੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਰੇਲ ਗੱਡੀਆਂ ਵਿੱਚ ਆਪਣੇ ਰਾਜਾਂ ਨੂੰ ਵਾਪਸ ਜਾ ਰਹੇ ਯਾਤਰੀਆਂ ਨੂੰ ਵੀ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਲੰਗਰ ਪ੍ਰਦਾਨ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਸਮੇਤ ਸਮਾਣਾ, ਪਾਤੜਾਂ, ਰਾਜਪੁਰਾ ਤੇ ਨਾਭਾ ਵਿਖੇ ਵੀ ਲੰਗਰ ਤਿਆਰ ਕਰਕੇ ਸਬ ਡਵੀਜਨ ਪੱਧਰ 'ਤੇ ਪ੍ਰਸ਼ਾਸਨ ਨੂੰ ਸੌਂਪਿਆ ਜਾ ਰਿਹਾ ਹੈ।
ਇਸ ਮੌਕੇ ਸਹਾਇਕ ਕਮਿਸ਼ਨਰ (ਆਈ.ਏ.ਐਸ. ਯੂ.ਟੀ.) ਡਾ. ਨਿਰਮਲ ਉਸੀਪੱਚਨ, ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੇ ਸਿੰਘ ਅਤੇ ਸਹਾਇਕ ਕਮਿਸ਼ਨਰ (ਪੀ.ਸੀ.ਐਸ. ਯੂ.ਟੀ.) ਜਸਲੀਨ ਕੌਰ ਸਮੇਤ ਸਤਸੰਗ ਘਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਰਾਮ ਕੁਮਾਰ, ਮੈਂਬਰ ਸ੍ਰੀ ਸ਼ਿਵ ਖੁਰਮੀ, ਸ੍ਰੀ ਰਕੇਸ਼ ਗੁਪਤਾ, ਸ੍ਰੀਮਤੀ ਸੁਨੀਤਾ ਰਾਣੀ ਆਦਿ ਵੀ ਮੌਜੂਦ ਸਨ।
ਫੋਟੋ ਨੰ: 12 ਪੀਏਟੀ 4
0 Comments