ਕੋਵਿਡ ਖ਼ਿਲਾਫ਼ 'ਮਿਸ਼ਨ ਫ਼ਤਿਹ' ਤਹਿਤ ਨਮੂਨੇ ਲੈਣ ਦੀ ਦਰ ਪਟਿਆਲਾ ਜ਼ਿਲ੍ਹੇ 'ਚ ਦੁੱਗਣੀ ਤੋਂ ਵੀ ਵਧਾਈ

- ਜ਼ਿਲ੍ਹੇ 'ਚ ਸਿਹਤ ਵਿਭਾਗ ਕੋਰੋਨਾ ਨੂੰ ਹਰਾ ਕੇ ਮਿਸ਼ਨ ਫ਼ਤਿਹ ਨੂੰ ਕਾਮਯਾਬ ਕਰਨ ਲਈ 24 ਘੰਟੇ ਤਤਪਰ

- ਪਟਿਆਲਾ ਜ਼ਿਲ੍ਹੇ 'ਚ ਬਾਹਰੋਂ ਆਉਣ ਵਾਲਿਆਂ ਦੇ ਟੈਸਟ ਲਾਜਮੀ, ਜਿਆਦਾਤਰ ਕੋਵਿਡ-19 ਪਾਜ਼ਿਟਿਵ ਬਾਹਰੋਂ ਆਉਣ ਵਾਲੇ

- ਪਾਜ਼ਿਟਿਵ ਮਾਮਲਿਆਂ ਦੇ ਸੰਪਰਕਾਂ ਸਰੋਤਾਂ ਦੀ ਭਾਲ 'ਚ ਨਿਰੰਤਰ ਜੁਟੀਆਂ ਪਟਿਆਲਾ ਦੇ ਸਿਹਤ ਵਿਭਾਗ ਦੀਆਂ ਟੀਮਾਂ


ਪਟਿਆਲਾ, 7 ਜੂਨ (ਪ.ਪ.) :
ਕੋਰੋਨਾਵਾਇਰਸ ਖ਼ਿਲਾਫ਼ ਜੰਗ ਨੂੰ ਸੂਬੇ ਭਰ ਵਿੱਚ ਜ਼ਮੀਨੀ ਪੱਧਰ ਤੱਕ ਲੈ ਜਾਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ਅਤੇ ਮਹੀਨਾ ਭਰ ਚੱਲਣ ਵਾਲੇ 'ਮਿਸ਼ਨ ਫ਼ਤਿਹ' ਨੂੰ ਕਾਮਯਾਬ ਕਰਨ ਲਈ ਸਿਹਤ ਵਿਭਾਗ ਨੇ ਹੁਣ ਕੋਵਿਡ-19 ਦੇ ਟੈਸਟਾਂ ਲਈ ਲਏ ਵਾਲੇ ਨਮੂਨਿਆਂ ਦੀ ਦਰ ਹੁਣ ਦੁੱਗਣੀ ਤੋਂ ਵੀ ਵਧਾ ਦਿੱਤੀ ਹੈ। ਪਟਿਆਲਾ ਜ਼ਿਲ੍ਹੇ 'ਚ ਪਹਿਲਾਂ ਰੋਜ਼ਾਨਾ ਨਮੂਨੇ ਇਕੱਤਰ ਕਰਨ ਦੀ ਔਸਤ 150 ਤੋਂ 200 ਦੇ ਲਗਪਗ ਸੀ ਪਰੰਤੂ ਮਿਸ਼ਨ ਫ਼ਤਿਹ ਦੀ ਕਾਮਯਾਬੀ ਲਈ ਇਸਨੂੰ ਹੁਣ 400 ਤੋਂ 450 ਤੱਕ ਲੈ ਆਂਦਾ ਹੈ ਅਤੇ ਇਸ ਨੂੰ 700 ਤੱਕ ਲਿਜਾਇਆ ਜਾਵੇਗਾ।
ਪਟਿਆਲਾ ਜ਼ਿਲ੍ਹੇ ਵਿੱਚ ਸਥਾਨਕ ਪੱਧਰ 'ਤੇ ਪਿਛਲੇ 15 ਦਿਨਾਂ 'ਚ ਕੇਵਲ ਦੋ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਜਦੋਂਕਿ 1300 ਦੇ ਕਰੀਬ ਬਾਹਰੋਂ ਆਉਣ ਵਾਲੇ ਲੋਕਾਂ ਵਿੱਚੋਂ 12 ਦੇ ਆਸਪਾਸ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਸਨ। ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਵਿਦੇਸ਼ਾਂ ਤੇ ਬਾਹਰਲੇ ਰਾਜਾਂ ਤੋਂ ਪਟਿਆਲਾ ਆਉਣ ਵਾਲਿਆਂ ਸਮੇਤ ਮਜ਼ਦੂਰਾਂ, ਟੀ.ਬੀ. ਤੇ ਫਲੂ ਦੇ ਲੱਛਣਾਂ ਵਾਲੇ ਮਰੀਜਾਂ ਅਤੇ ਪਾਜ਼ਿਟਿਵ ਕੇਸਾਂ ਦੇ ਸੰਪਰਕਾਂ ਦੇ ਨਮੂਨੇ ਲੈਣ ਦੇ ਨਾਲ-ਨਾਲ ਇਸ ਮਹਾਂਮਾਰੀ ਵਿਰੁੱਧ ਜੰਗ ਮਿਸ਼ਨ ਫ਼ਤਿਹ ਨੂੰ ਜਿਤਾਉਣ ਵਾਲੇ ਕੋਰੋਨਾ ਯੋਧਿਆਂ, ਜਿਨ੍ਹਾਂ 'ਚ ਸਿਹਤ ਵਿਭਾਗ ਦੇ ਫਰੰਟ ਲਾਈਨ ਯੋਧੇ, ਪੁਲਿਸ ਮੁਲਾਜਮ ਅਤੇ ਸਫ਼ਾਈ ਕਰਮਚਾਰੀਆਂ ਦੇ ਨਮੂਨੇ ਲੈਣ ਦੀ ਦਰ 'ਚ ਵੀ ਵਾਧਾ ਕੀਤਾ ਹੈ।  
ਪਟਿਆਲਾ ਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਮਿਸ਼ਨ ਫ਼ਤਿਹ ਤਹਿਤ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਦੌਰਾਨ ਸਿਹਤ ਵਿਭਾਗ, ਕੋਰੋਨਾ ਮਹਾਮਾਰੀ ਬਾਰੇ ਲੋਕਾਂ ਵਿੱਚ ਹੱਥ ਧੋਹਣ, ਮਾਸਕ ਪਾਉਣ ਅਤੇ ਆਪਸੀ ਦੂਰੀ ਬਣਾ ਕੇ ਰੱਖਣ ਦੀ ਵਿਆਪਕ ਪੱਧਰ ਉਤੇ ਜਾਗਰੂਕਤਾ ਫੈਲਾ ਰਿਹਾ ਹੈ। ਉਨ੍ਹਾਂ ਬਾਹਰੋਂ ਆਉਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸੂਚਨਾ ਸਿਹਤ ਵਿਭਾਗ ਨੂੰ ਜਰੂਰ ਦੇਣ ਤਾਂ ਕਿ ਕਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਕੇ ਮਿਸ਼ਨ ਫ਼ਤਿਹ ਨੂੰ ਕਾਮਯਾਬ ਕੀਤਾ ਜਾ ਸਕੇ। ਡਾ. ਮਲਹੋਤਰਾ ਨੇ ਦੱਸਿਆ ਕਿ ਇਸ ਦੇ ਨਾਲ ਹੀ ਬਜ਼ੁਰਗਾਂ ਦੀ ਦੇਖਭਾਲ, ਇਲਾਕੇ ਵਿਚ ਬਾਹਰੀ ਲੋਕਾਂ ਦੇ ਦਾਖ਼ਲੇ ਪ੍ਰਤੀ ਜਾਗਰੂਕ ਰਹਿਣ, ਵਾਇਰਸ ਦੀ ਲਾਗ ਤੋਂ ਪ੍ਰਭਾਵਿਤ ਮਰੀਜ਼ਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਤੋਂ ਸੁਰੱਖਿਅਤ ਦੂਰੀ ਬਣਾ ਕੇ ਰੱਖਣ ਲਈ ਕੋਵਾ ਐਪ ਦੀ ਵਰਤੋਂ ਬਾਰੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਗਤੀਵਿਧੀਆਂ ਵੀ ਚਲਾਈਆਂ ਜਾ ਰਹੀਆਂ ਹਨ। ਇਸ ਮੌਕੇ ਜ਼ਿਲ੍ਹਾ ਐਪਿਡੀਮੋਲੋਜਿਸਟ ਡਾ. ਸੁਮੀਤ ਸਿੰਘ ਵੀ ਮੌਜੂਦ ਸਨ।
ਫੋਟੋ ਨੰ: 7 ਪੀਏਟੀ 4